05/10/2025
#ਅੱਜ ਮੇਰਾ ਜਨਮ ਦਿਨ ਆ।ਸੋਚਿਆ ਚਾਰ ਗੱਲਾਂ ਕਰ ਲਵਾਂ ਸੱਜਣ ਸਨੇਹੀਆਂ ਨਾਲ। ਪਿੰਡ ਨਾਲ ਸਾਂਝ ਕਿੱਥੋਂ ਟੁੱਟਦੀ ਆ ਭਲਾਂ ?? ਵਾਰ ਵਾਰ ਝੌਲਾ ਜਿਹਾ ਪੈਂਦਾ ਸੀ। ਗੱਲੀਂ ਬਾਤੀਂ ਮੈਂ ਵੀ ਦਿਲ ਹੌਲਾ ਕਰ ਲਵਾਂ।
ਬਾਬੇ ਤੇਗ ਬਹਾਦਰ ਦੀ ਨਗਰੀ ਵਸੇਂਦੇ ਦਿਲਾਂ ਦੇ ਹਾਣੀਓ !! ਪਿੰਡ ਦੀਆਂ ਰੇਤ ਛਿਣਾਂ ਵਿਚ ਪਲਣ ਵਾਲਿਓ। ਮੈਂ ਵੀ ਇਸੇ ਜੂਹ ਦੀ ਰੂਹ ਹੁੰਦਾ ਸਾਂ। ਰੱਬ ਵੱਸਦਾ ਪਿੰਡ ਮੇਰੇ ਵਿੱਚ। ਉਹ ਗਲੀਆਂ,ਉਹ ਫਿਰਨੀਆਂ, ਚੁੱਲ੍ਹੇ ਚੌਂਕੇ, ਭਾਈਚਾਰਕ ਸਾਂਝਾਂ ਸਭ ਯਾਦਾਂ ਇਉਂ ਜੁੜੀਆਂ ਜਿਵੇਂ ਰੂਹ ਦੇ ਨਾਲ ਸਾਹਾਂ ਨੇ ਜੁੜਿਆ ਹੋਇਆ। ਆਹ ਵੱਡੀਆਂ ਉਮਰਾਂ ਵਾਲੇ ਮੇਰੇ ਰੁੱਖ ਬੇਲੀ ਟਾਹਲੀਆਂ,ਸਫੈਦੇ,ਬੋਹੜ, ਨਿੰਮ ਹਾਲੇ ਤੀਕਰ ਐਥੇ ਈ ਖੜ੍ਹੇ ਹੋਣੇ ਆ। ਕੁਝ ਰੁੱਖਾਂ ਦੀ ਮੇਰੇ ਵਾਂਗੂੰ ਚੜਦੀ ਉਮਰੇ ਕੁਹਾੜੀ ਨੇ ਕੁਰਬਾਨੀ ਲੈ ਲਈ।
ਸਵਰਗ ਦਾ ਝੂਟਾ ਸੀ ਮੇਰਾ ਪਿੰਡ। ਜੀਹਨੂੰ ਪਿੱਛੇ ਛੱਡ ਆਇਆ ਹਾਂ। ਚੜਦੇ ਪਾਸੇ ਮੇਰੇ ਬਾਬੇ ਗੁਰੂ ਤੇਗ ਬਹਾਦਰ ਦਾ ਦਰ ਸੀ। ਜਿੱਥੇ ਸੱਜਰੀ ਸਵੇਰ ਨੂੰ ਸੂਰਜ ਦੀ ਟਿੱਕੀ ਦੀ ਇਕ ਕਿਰਨ ਸਿੱਧੀ ਮੱਥੇ ਆਣ ਪੈ ਸਾਨੂੰ ਜਗਾਉਂਦੀ ਸੀ। ਕਿੰਨਾ ਚੰਗਾ ਲਗਦਾ ਸੀ ਗੁਰਦੁਆਰੇ ਪੂਰਨਮਾਸ਼ੀ ਨੂੰ ਨਹਾਉਣ ਜਾਣਾ। ਮੁੜਦੇ ਹੋਇਆਂ ਛੀਂਬੇ ਆਲੇ ਟੋਭੇ ਦੇ ਕੰਢੇ ਖੜ੍ਹੇ ਪਿੱਪਲਾਂ ਬਰੋਟਿਆਂ ਦੀਆਂ ਜਟਾਂ ਫੜ ਫੜ ਝੂਟਣਾ।
ਪਿੰਡ ਦੇ ਵਿਚਾਲੇ ਸਕੂਲ ਹੁੰਦਾ ਸੀ ਸਾਡਾ। ਜਿੱਥੋਂ ਕੱਚੀ ਪਹਿਲੀ ਤੋਂ ਲੈ ਕੇ ਦਸ ਜਮਾਤਾਂ ਪੜ੍ਹਿਆ ਸੀ। ਕਿੰਨਾ ਵਧੀਆ ਸੀ ਜੋ ਬਚਪਨ ਬੀਤਿਆ। ਹਾਣੀਆਂ ਸੰਗ ਖੇਡਣ ਦੇ ਦਿਨ ਤਾਂ ਦੁਨੀਆਂ ਛੱਡ ਕੇ ਵੀ ਨਹੀਂ ਭੁੱਲੇ। ਕੁਝ ਹਾਣੀ ਵੀ ਤੁਰ ਗਏ, ਕੁਝ ਜ਼ਿੰਦਗੀ ਦੇ ਵਰਕਿਆਂ ਵਿੱਚ ਉਲਝ ਗਏ। ਖੈਰ !!ਸਭ ਸੁੱਖੀ ਸਾਂਦੀ ਹੱਸਦੇ ਵੱਸਦੇ ਰਹਿਣ। ਸਕੂਲ ਦੇ ਲਾਗੇ ਦੋਨੋਂ ਪਾਸੇ ਬਾਬਿਆਂ ਦੇ ਡੇਰੇ ਹੁੰਦੇ ਸਨ। ਹੁਣ ਤਾਂ ਕਾਫੀ ਦੂਰ ਤੱਕ ਫੈਲ ਗਏ ਹੋਣੇ ਆ। ਮੈਂ ਉੱਥੇ ਜਾਂਦਾ ਸਾਂ ਸੇਵਾ ਕਰਨ। ਮੈਂ ਕੱਲਾ ਹੀ ਕਿਓਂ ਸਾਰਾ ਪਿੰਡ ਹੁੰਦਾ ਸੀ। ਹੁਣ ਵੀ ਤਾਂ ਰੌਣਕਾਂ ਬਹਾਰਾਂ ਹੋਣੀਆਂ ਨੇ। ਭੋਗ ਤੇ ਜਲੇਬੀਆਂ ਹੁੰਦੀਆਂ ਸਨ ਓਥੇ। ਕਿੰਨਾ ਵਧੀਆ ਮੇਲਾ ਭਰਦਾ ਹੁੰਦਾ ਸੀ।
ਓਹ ਮੇਰੇ ਯਾਰ ਬੇਲੀ "ਜੱਗਾ ਜੂਪੇ ਕਾ, ਬੂਟਾ ਕਰੇਲੂ ਕਾ, ਕਾਲੇ ਟੇਲਰ ਹੁਰਾਂ ਨਾਲ਼ ਬੀਤੇ ਵੇਲੇ ਹੁਣ ਵੀ ਦਿਲ ਵਿੱਚ ਥਾਵਾਂ ਮੱਲੀ ਬੈਠੇ ਆ। ਕਿਤੇ ਤੁਸੀਂ ਭੁੱਲ ਤਾਂ ਨੀਂ ਗਏ ਮੇਰੇ ਬੇਲੀਓ। ਆਪਾਂ ਤਾਂ ਮਸਤੂਆਣੇ ਸੇਵਾ ਤੇ ਜਾਂਦੇ ਹੁੰਦੇ ਸੀ ਕੱਠੇ। ਉਨ੍ਹਾਂ ਦਿਨਾਂ ਵਿੱਚ ਮਸਤੂਆਣੇ ਸੇਵਾ ਲਾਉਣ ਲਈ ਸਕੂਲ ਆਲੀਆਂ ਵਰਦੀਆਂ ਸਣੇ ਸਕੂਲੋਂ ਭੱਜ ਜਾਂਦੇ। ਮਸਤੂਆਣੇ ਦੇਗਾਂ ਤੇ ਜੋੜਿਆਂ ਦੀ ਸੇਵਾ ਕਰਦੇ ਹੁੰਦੇ।
ਦਸ ਜਮਾਤਾਂ ਪਿੰਡੋਂ ਕਰਕੇ ਗਿਆਰਵੀਂ ਜਮਾਤ ਸੰਗਰੂਰ ਕਰਨ ਲੱਗ ਪਿਆ। ਪੜਨ ਦੇ ਨਾਲ ਨਾਲ ਸਾਇਕਲ ਤੇ ਦਿਹਾੜੀ ਵੀ ਸੰਗਰੂਰ ਹੀ ਜਾਂਦਾ ਹੁੰਦਾ ਸੀ। ਦਿਹਾੜੀ ਕਰਦਾ ਕਰਦਾ ਭਰਤੀ ਹੋ ਗਿਆ।
ਸਰਹੱਦਾਂ ਦੀ ਰਾਖੀ ਲਈ ਫੌਜ ਵਿੱਚ ਜਾ ਮੋਢੇ ਬੰਦੂਕਾਂ ਲੈ ਖਲੋ ਗਏ। ਬੰਦੂਕਾਂ ਚੁੱਕੀਆਂ, ਦੇਸ਼ ਦੇ ਸਰਹੱਦਾਂ ਦੀ ਰਾਖੀ ਲਈ। ਹਰ ਵਾਰੀ ਛੁੱਟੀ ਕੱਟ ਜਾਂਦਾ ਰਿਹਾ ਆਉਂਦਾ ਰਿਹਾ। ਚੜ੍ਹਦੀ ਉਮਰ ਸੀ। ਨੌਕਰੀ ਲੱਗਣ ਕਰਕੇ ਘਰੇ ਮੇਰੇ ਵਿਆਹ ਦੀਆਂ ਗੱਲਾਂ ਵੀ ਛਿੜਨ ਲੱਗ ਪਈਆਂ। ਪਰ ਲਾੜੀ ਤਾਂ ਕਦੋਂ ਦੀ ਹੱਥਾਂ ਨੂੰ ਮਹਿੰਦੀ ਲਾ ਉਡੀਕਦੀ ਪਈ ਸੀ।
ਪਰ ਇਸ ਵਾਰ ਮੇਰੀ ਵਹਿੰਦੀ ਜ਼ਿੰਦਗੀ ਮੱਸਿਆ ਦੀ ਰਾਤ ਬਣ ਗਈ। ਕਾਲ਼ੀ ਬੋਲ਼ੀ। ਚੁਫੇਰੇ ਹਨੇਰਾ ਹੀ ਹਨੇਰਾ । ਮੇਰੀ ਮਾਂ ਭਾਣੇ ਤਾਂ ਉਹਦਾ ਲੁੱਟਿਆ ਸ਼ਹਿਰ ਭੰਬੋਰ ਗਿਆ। ਉਸ ਰਾਤ ਦੇ ਪੱਲੂ ਨਾਲ਼ ਕੋਈ ਸਵੇਰ ਨਹੀਂ ਸੀ ਜੁੜੀ ਹੋਈ। ਮੇਰਾ ਵਜੂਦ ਇਸ ਕਾਲੋਂ ਵਿਚ ਗੁਆਚ ਗਿਆ। ਮੈਂ ਕੱਲਾ ਨਾ ਬਹੁੜਿਆ ਪਿੰਡ। ਨਾਲ ਮੇਰੇ ਰੰਗਰੂਟੀਏ ਯਾਰ ਭਰਾ ਮੋਢਾ ਲਾ ਕੇ ਲੈ ਆਏ। ਮੇਰੀ ਦੇਹ ਘਰੋਂ ਉੱਠ ਕੇ ਸ਼ਮਸ਼ਾਨਾਂ ਤੱਕ ਜਾ ਅੱਪੜੀ। ਪੰਛੀਆਂ, ਜਨੌਰਾਂ ਢਾਹਾਂ ਮਾਰੀਆਂ। ਭਾਂ ਭਾਂ ਕਰਦੇ ਮਕਾਨ ਭੁੱਬਾਂ ਮਾਰ-ਮਾਰ ਰੋਣ ਲੱਗੇ। ਕਦੇ ਗਲੀਆਂ ਵਿੱਚ ਉੱਡਦਾ ਖੇਡਦਾ ਰਹਿੰਦਾ ਸੀ ਜੋ ਰੇਤਾ। ਅੱਜ ਮੈਨੂੰ ਚੁੱਪ ਕੀਤਿਆਂ ਵੇਖ ਸਾਂਤ ਲਹਿਜੇ ਨਾਲ਼ ਧਰਤੀ ਨਾਲ਼ ਚੁੰਬੜ ਬਹਿ ਗਿਆ। ਹਵਾਵਾਂ ਦਾ ਸਰਕਣਾ ਬੰਦ ਹੋ ਗਿਆ। ਪਰ ਮੇਰੇ ਪਿੰਡ ਦੀ ਮਿੱਟੀ ਦੀ ਖ਼ੁਸ਼ਬੋ ਨੇ ਮੇਰਾ ਪਿੱਛਾ ਨਹੀਂ ਛੱਡਿਆ।
ਅੱਜ ਵੀ ਇਸੇ ਪਿੰਡ ਦੀ ਜੂਹ ਵਿੱਚ, ਮਿੱਟੀ ਦੀ ਖ਼ੁਸ਼ਬੋ ਵਿਚ ਮਹਿਸੂਸ ਹੋਵਾਂਗਾ। ਕਿਸੇ ਕੰਢੇ ਤੇ ਖੜ੍ਹੇ ਮੋਛੇ ਅਰਗੇ ਰੁੱਖ ਵਿੱਚ ਹੱਸਦਾ ਮਹਿਸੂਸ ਹੋਵਾਂਗਾ। ਕਦੇ ਉਸਦੇ ਬਿਖਰ ਗਏ ਪੱਤਿਆਂ ਵਿੱਚ ਲੜਖੜਾਉਂਦਾ ਮਿੱਟੀ ਵਿਚ ਪਿਆ ਹੋਵਾਂਗਾ। ਆਪਣੇ ਹੀ ਪਿੰਡ ਰਹਿਨਾਂ ਮੈਂ ਕਦੇ ਕਿਸੇ ਬਨੇਰੇ ਤੇ ਬੈਠੇ ਪੰਛੀ ਦੀ ਆਵਾਜ਼ ਬਣ ਚਹਿਕਦਾ ਹਾਂ। ਮਹਿਕਦਾ ਹਾਂ ਕਿਸੇ ਫੁੱਲ ਵਿੱਚੋਂ। ਮੈਂ ਤੁਹਾਨੂੰ ਕਿਸੇ ਨੂੰ ਨਹੀਂ ਭੁੱਲ ਪਾਇਆ।
ਆਪਣੇ ਕੱਦ ਤੋਂ ਬਹੁਤ ਉੱਚੇ ਲਏ ਸੁਪਨਿਆਂ ਦਾ ਦੇਸ਼ ਸੀ ਮੇਰਾ ਪਿੰਡ ਜਿੱਥੇ ਸਭ ਰਾਤਾਂ ਮੇਰੀਆਂ ਸੀ...ਚੰਨ ਤਾਰੇ ਕਹਿਕਸ਼ਾਂ.... ਸੁਪਨੇ ਮੇਰੇ ਆਪਣੇ ਸੀ।
ਹਾਲੇ ਤੀਕਰ ਵੀ ਪਿੰਡ ਦੇ ਪਿਆਰ,ਮਾਣ ਨੂੰ ਆਪਣੀ ਪੱਗ ਦੇ ਕੱਲੇ ਕੱਲੇ ਲੜ ਵਿਚ ਸਮੋਈ ਬੈਠਾਂ। ਦੇਖਿਓ ਮੇਰੇ ਪਿੰਡ ਦੇ ਰਹਿਬਰੋ !! ਕਿਤੇ ਤੁਸੀਂ ਨਾ ਮਨੋਂ ਵਿਸਾਰ ਦਿਓ ।
ਸੁਣਿਆ ਅੱਜ ਮੇਰਾ ਜਨਮ ਦਿਨ ਵੀ ਆ। ਯਾਦਾਂ ਦੀ ਡਾਲ ਤੇ ਤਾਜ਼ਾ ਗੁਲਾਬ ਟਹਿਕ ਪਿਆ। ਪਿਆਰ ਦੇ ਸ਼ਹਿਤੂਤ ਤੇ ਨਵੀਂ ਕਰੂੰਬਲ ਫੁਟ ਪਈ। ਸਰੀਰਕ ਤੌਰ ਤੇ ਮੈਂ ਭਾਵੇਂ ਤੁਹਾਡੇ ਇਰਦ ਗਿਰਦ ਨਹੀਂ ਆਂ। ਪਰ ਹੈ ਤੁਹਾਡੇ ਹੀ ਪਾਸ ਹਾਂ। ਮੇਰੇ ਜਨਮ ਦਿਨ ਦੀਆਂ ਤੁਹਾਨੂੰ ਸ਼ੁੱਭ ਕਾਮਨਾਵਾਂ। ਖ਼ੁਦਾ ਮੌਲਾ ਅੱਗੇ ਖ਼ਿਦਮਤ ਹੈ ਮੇਰੀ ਕਿ ਮੇਰੇ ਪਿੰਡ ਨੂੰ ਕੋਈ ਤੱਤੀ ਵਾਅ ਨਾ ਲੱਗਣ ਦੇਈਂ। ਮੇਰੇ ਪਿੰਡ ਦੇ ਗੇਲੀਆਂ ਵਰਗੇ ਬਾਂਕੇ ਜਵਾਨ ਪੁੱਤਾਂ ਤੇ ਠੰਡੀਆਂ ਛਾਵਾਂ ਰੱਖੀਂ। ਇਹ ਮੇਰੇ ਪਿੰਡ ਦਾ ਭਵਿੱਖ ਨੇ, ਹੋਂਦ ਨੇ।
ਚੰਗਾ ਬਈ !! ਖੁਸ਼ ਰਹੋ ਆਬਾਦ ਰਹੋ। ਸਦਾ ਮਿਲ ਜੁਲ ਕੇ ਹੱਸਦੇ ਵੱਸਦੇ ਰਹੋ। ਮਨਾਂ ਚ ਗਿਲੇ ਸ਼ਿਕਵੇ ਨਾ ਰੱਖਿਆ ਕਰੋ। ਕੀ ਲੈ ਜਾਣਾ ਇਸ ਦੁਨੀਆਂ ਤੋਂ। ਸਭ ਐਥੇ ਈ ਛੱਡ ਜਾਣਾ। ਨਾਲ਼ ਤਾਂ ਤੁਹਾਡੀ ਮੁਹੱਬਤ,ਤੁਹਾਡਾ ਪਿਆਰ ਸਤਿਕਾਰ ਹੀ ਜਾਵੇਗਾ। ਤੁਹਾਡੇ ਕਿਰਦਾਰ ਨੇ ਸਾਥ ਨਿਭਾਉਣਾ ਧੁਰ ਦਰਗਾਹ ਤੱਕ।
ਹੱਸਦਾ ਵੱਸਦਾ ਰਹੇ ਮੇਰਾ ਨਗਰ ਖੇੜਾ ❤️
"ਦਿਲ ਫਿਦਾ ਕਰਤੇ ਹੈਂ, ਕੁਰਬਾਨ ਜਿਗਰ ਕਰਤੇ ਹੈਂ।
ਪਾਸ ਜੋ ਕੁਛ ਹੈ,ਵੋਹ ਦੇਸ਼ ਕੀ ਨਜ਼ਰ ਕਰਤੇ ਹੈਂ।
ਖਾਨਾਏ ਵੀਰਾਨ ਕਹਾਂ ਦੇਖੀਏ ਘਰ ਕਰਤੇ ਹੈਂ।
ਖੁਸ਼ ਰਹੋ ਅਹਿਲੇ ਵਤਨ, ਹਮ ਤੋ ਸਫ਼ਰ ਕਰਤੇ ਹੈਂ।
ਤੁਹਾਡਾ ਆਪਣਾ
#ਜਸਵੀਰ ਸਿੰਘ ਫੌਜੀ💝💝
✍🏻 ਗਗਨਦੀਪ ਸਿੰਘ ਢਿੱਲੋਂ